ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਗੁਰੂ ਹਨ। 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਪਵਿੱਤਰ ਵਿਸਤਾਰਮਈ ਧਾਰਮਿਕ ਗ੍ਰੰਥ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰੂ-ਘਰ ਵੱਲੋਂ ਬਖਸ਼ਿਸ਼ਾਂ ਪ੍ਰਾਪਤ ਸਿੱਖਾਂ ਦੀ ਬਾਣੀ ਪਹਿਲਾਂ ਬੜੀ ਮਿਹਨਤ ਨਾਲ ਸੰਪਾਦਿਤ ਕੀਤੀ। ਇਹ ਸਾਰਾ ਪਵਿੱਤਰ ਕਾਰਜ ਰਮਣੀਕ ਅਤੇ ਪਵਿੱਤਰ ਅਸਥਾਨ ਸ੍ਰੀ ਰਾਮਸਰ, ਸ੍ਰੀ ਅੰਮ੍ਰਿਤਸਰ ਦੇ ਅਸਥਾਨ ’ਤੇ ਬੈਠ ਕੇ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਤੋਂ ਲਿਖਵਾਈ। ‘ਸ਼ਬਦ ਗੁਰੂ’ ਦੀ ਸੰਪਾਦਨਾ ਦਾ ਕਾਰਜ 1601 ਈ: ਨੂੰ ਅਰੰਭ ਕਰ ਕੇ 1604 ਈ: ਨੂੰ ਮੁਕੰਮਲ ਕੀਤਾ ਗਿਆ।ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ ਸਾਰਾ ਕਾਰਜ ਸੰਪੂਰਨ ਹੋਣ ’ਤੇ ਇਸ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਆਪਣੇ ਸੀਸ ’ਤੇ ਸੁਭਾਇਮਾਨ ਕਰ ਕੇ ਗੁਰਦੁਆਰਾ ਰਾਮਸਰ ਸਾਹਿਬ ਦੇ ਅਸਥਾਨ ਤੋਂ ਇਕ ਨਗਰ ਕੀਰਤਨ ਦੇ ਰੂਪ ਵਿਚ ਨਰਸਿੰਘਿਆਂ, ਵਾਜਿਆਂ ਦੀ ਘਨਘੋਰ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਦੇ ਨਾਲ ਸ਼ਹਿਰ ਵਿੱਚੋਂ ਫੁੱਲਾਂ ਦੀ ਵਰਖਾ ਵਿਚੋ ਲੰਘਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕੀਤਾ । ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਥਾਪਿਆ।ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਇੱਕ 1661 ਬਿਕ੍ਰਮੀ ਨੂੰ ਹੋਇਆ।ਪਹਿਲਾ ਪਾਵਨ ਹੁਕਮਨਾਮਾ ਇਹ ਆਇਆ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ (ਪੰਨਾ 783)
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ’ਤੇ ਭਾਈ ਮਨੀ ਸਿੰਘ ਜੀ ਪਾਸੋਂ ਦਰਜ ਕਰਵਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਸ ਸੰਸਾਰ ਦੀ ਯਾਤਰਾ ਖਤਮ ਕਰ ਕੇ ਅਕਾਲ ਪੁਰਖ ਦੇ ਦੇਸ਼ ਨੂੰ ਜਾਣ ਦੀ ਤਿਆਰੀ ਕੀਤੀ ਤਾਂ ਉਨ੍ਹਾਂ ਨੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਦਾ ਪਵਿੱਤਰ ਕਾਰਜ ਅਰੰਭਿਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੋਂ ਸਾਰੇ ਸਮਿਆਂ ਲਈ ਜੁਗੋ-ਜੁਗ ਅਟੱਲ ਗੁਰੂ ਰੂਪ ਦੇਣ ਦਾ ਅਲੌਕਿਕ ਤੇ ਚਮਤਕਾਰੀ ਕੰਮ 1708 ਈ: ਨੂੰ ਨਾਂਦੇੜ (ਹੁਣ ਹਜ਼ੂਰ ਸਾਹਿਬ, ਮਹਾਰਾਸ਼ਟਰ) ਦੇ ਸਥਾਨ ’ਤੇ ਕੀਤਾ ਗਿਆ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ ਤੇ ਇਹ ਜੁਗੋ-ਜੁਗ ਅਟੱਲ ਗੁਰੂ ਹਨ। ਇਸ ਅਧਿਆਤਮਿਕ ਖਜ਼ਾਨੇ ਨੂੰ ਗੁਰਿਆਈ ਦੇ ਕੇ ਦਸਮ ਪਾਤਸ਼ਾਹ ਜੀ ਨੇ ਹੁਕਮ ਕੀਤਾ:
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਇਸ ਤਰ੍ਹਾਂ ਦਸਮੇਸ਼ ਪਿਤਾ ਜੀ ਵੱਲੋਂ ਹੋਏ ਹੁਕਮ ਅਨੁਸਾਰ ਹਰ ਸਿੱਖ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ-ਜੁਗ ਅਟੱਲ ਗੁਰੂ ਹਨ ਤੇ ਸਿੱਖ ਨੇ ਹਰ ਤਰ੍ਹਾਂ ਦੀਆਂ ਅਧਿਆਤਮਿਕ, ਆਤਮਿਕ ਤੇ ਮਾਨਸਿਕ ਲੋੜਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਪ੍ਰਾਪਤ ਕਰਨੀਆਂ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ। ਜਿਸ ਵਿਚ 6 ਗੁਰੂਆਂ , 15 ਭਗਤਾਂ , 11 ਭੱਟਾਂ , 4 ਗੁਰੂ ਸਿੱਖਾਂ ਦੀ ਬਾਣੀ ਇਸ ਤਰਾਂ ਦਰਜ ਹੈ
ਗੁਰੂ | ਸ਼ਬਦ |
---|---|
ਸ਼੍ਰੀ ਗੁਰੂ ਨਾਨਕ ਦੇਵ ਜੀ | 974 |
ਸ਼੍ਰੀ ਗੁਰੂ ਅੰਗਦ ਦੇਵ ਜੀ | 625 |
ਸ੍ਰੀ ਗੁਰੂ ਅਮਰਦਾਸ ਜੀ | 907 |
ਸ੍ਰੀ ਗੁਰੂ ਰਾਮਦਾਸ ਜੀ | 679 |
ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ | 2218 |
ਸ੍ਰੀ ਗੁਰੂ ਤੇਗ ਬਹਾਦਰ ਜੀ | 115 |
ਭਗਤ | ਸ਼ਬਦ |
---|---|
ਭਗਤ ਕਬੀਰ ਜੀ | 535 |
ਭਗਤ ਨਾਮਦੇਵ ਜੀ | 61 |
ਭਗਤ ਰਵਿਦਾਸ ਜੀ | 40 |
ਭਗਤ ਫਰੀਦ ਜੀ | 116 |
ਭਗਤ ਧੰਨਾ ਜੀ | 4 |
ਭਗਤ ਤ੍ਰਿਲੋਚਨ ਜੀ | 4 |
ਭਗਤ ਬੈਣੀ ਜੀ | 3 |
ਭਗਤ ਜੈਦੇਵ ਜੀ | 2 |
ਭਗਤ ਭੀਖਨ ਜੀ | 2 |
ਭਗਤ ਸੂਰਦਾਸ ਜੀ | 1 |
ਭਗਤ ਪਰਮਾਨੰਦ ਜੀ | 1 |
ਭਗਤ ਪੀਪਾ ਜੀ | 1 |
ਭਗਤ ਸੈਣ ਜੀ | 1 |
ਭਗਤ ਸਧਨਾ ਜੀ | 1 |
ਭਗਤ ਰਾਮਾਨੰਦ ਜੀ | 1 |
ਭੱਟਾਂ ਦੀ ਬਾਣੀ
ਭੱਟ :- ਕੱਲਸਹਾਰ, ਜਾਲਪ, ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਯੰਦ, ਹਰਿਬੰਸ, ਮਥਰਾ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:-
ਗੁਰੂ ਸਿੱਖਾਂ ਦੀ ਬਾਣੀ
ਭਾਈ ਸੁੰਦਰ ਜੀ , ਭਾਈ ਸੱਤਾ ਜੀ , ਭਾਈ ਬਲਵੰਡ ਜੀ ਅਤੇ ਭਾਈ ਮਰਦਾਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ
ਪੰਜ ਪਿਆਰੇ:
(1) ਭਾਈ ਦਇਆ ਸਿੰਘ (2) ਭਾਈ ਧਰਮ ਸਿੰਘ (3) ਭਾਈ ਹਿੰਮਤ ਸਿੰਘ (4)ਭਾਈ ਮੋਹਕਮ ਸਿੰਘ (5) ਭਾਈ ਸਾਹਿਬ ਸਿੰਘਪੰਜ ਤਖਤ :
(1) ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ, ਪੰਜਾਬ)(2) ਤਖਤ ਸ੍ਰੀ ਹਰਮਿੰਦਰ ਸਾਹਿਬ (ਪਟਨਾ, ਬਿਹਾਰ)
(3) ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ, ਪੰਜਾਬ)
(4) ਤਖਤ ਸ੍ਰੀ ਹਜੂਰ ਸਾਹਿਬ (ਨਾਂਦੇੜ , ਮਹਾਰਾਸ਼ਟਰ)
(5) ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ, ਪੰਜਾਬ)
ਪੰਜ ਕਕਾਰ :
(1) ਕਿਰਪਾਨ (2) ਕੜਾ (3) ਕੰਘਾ (4) ਕੇਸ (5) ਕਛਹਿਰਾਨਿਤਨੇਮ ਦੀਆਂ ਬਾਣੀਆਂ :
ਸਵੇਰੇ ਵੇਲੇ : (1) ਜਪੁਜੀ ਸਾਹਿਬ (2) ਜਾਪੁ ਸਹਿਬ (3) ਸਵੱਯੇ ਸਾਹਿਬ (4) ਚੌਪਈ ਸਾਹਿਬ (5)ਅਨੰਦੁ ਸਾਹਿਬਸ਼ਾਮ ਵੇਲੇ : ਰਹਿਰਾਸ ਸਾਹਿਬ
ਰਾਤ ਨੂੰ ਸੋਣ ਵੇਲੇ :: ਕੀਰਤਨ ਸੋਹਿਲਾ